1. ਮੁੱਖ ਪੰਨਾ
  2. ਖੇਡਾਂ
  3. ਫੁੱਟਬਾਲ

ਫ਼ੈਡਰਲ ਸਰਕਾਰ ਵੱਲੋਂ ਟੋਰੌਂਟੋ ਨੂੰ 2026 ਵਿਸ਼ਵ ਕੱਪ ਦੀ ਮੇਜ਼ਬਾਨੀ ‘ਚ ਮਦਦ ਲਈ $104 ਮਿਲੀਅਨ ਦਾ ਵਾਅਦਾ

ਟੋਰੌਂਟੋ ਵਿਚ ਇਸ ਅੰਤਰਰਾਸ਼ਟਰੀ ਮੁਕਾਬਲੇ ਦੀ ਮੇਜ਼ਬਾਨੀ ਦੀ ਅਨੁਮਾਨਿਤ ਲਾਗਤ $380 ਮਿਲੀਅਨ ਹੋ ਗਈ ਹੈ

ਟੋਰੌਂਟੋ ਦੇ BMO ਫ਼ੀਲਡ ਵਿਚ 2026 ਫ਼ੀਫ਼ਾ ਵਿਸ਼ਵ ਕੱਪ ਦੇ ਛੇ ਮੈਚ ਆਯੋਜਿਤ ਕੀਤੇ ਜਾਣਗੇ।

ਟੋਰੌਂਟੋ ਦੇ BMO ਫ਼ੀਲਡ ਵਿਚ 2026 ਫ਼ੀਫ਼ਾ ਵਿਸ਼ਵ ਕੱਪ ਦੇ ਛੇ ਮੈਚ ਆਯੋਜਿਤ ਕੀਤੇ ਜਾਣਗੇ।

ਤਸਵੀਰ: (Christopher Katsarov/The Canadian Press)

RCI

ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ 2026 ਫ਼ੀਫ਼ਾ ਵਿਸ਼ਵ ਕੱਪ ਦੇ ਛੇ ਮੈਚਾਂ ਦੀ ਮੇਜ਼ਬਾਨੀ ਵਿਚ ਟੋਰੌਂਟੋ ਦੀ ਮਦਦ ਕਰਨ ਲਈ $104 ਮਿਲੀਅਨ ਪ੍ਰਦਾਨ ਕਰੇਗੀ।

ਸ਼ੁੱਕਰਵਾਰ ਸਵੇਰੇ ਟੋਰੌਂਟੋ ਦੇ BMO ਫ਼ੀਲਡ, ਜਿੱਥੇ ਫ਼ੁੱਟਬਾਲ ਮੈਚ ਖੇਡੇ ਜਾਣਗੇ, ਵਿੱਖੇ ਪੂੰਜੀ ਅਤੇ ਸੰਚਾਲਨ ਖ਼ਰਚਿਆਂ ਲਈ ਫੰਡਿੰਗ ਦਾ ਐਲਾਨ ਕੀਤਾ ਗਿਆ।

ਮੇਅਰ ਓਲੀਵੀਆ ਚਾਓ ਨੇ ਕਿਹਾ, ਟੋਰੌਂਟੋ ਸ਼ਹਿਰ ਵਿੱਚ ਫ਼ੁੱਟਬਾਲ ਦੇ ਪ੍ਰਸ਼ੰਸਕ ਬਣਨ ਲਈ ਅੱਜ ਦਾ ਦਿਨ ਬਹੁਤ ਵਧੀਆ ਹੈ

ਟੋਰੌਂਟੋ ਨੇ ਅਨੁਮਾਨ ਲਗਾਇਆ ਹੈ ਕਿ ਇਸ ਫ਼ੁੱਟਬਾਲ ਵਿਸ਼ਵ ਕੱਪ ਮੁਕਾਬਲੇ ਦੀ ਮੇਜ਼ਬਾਨੀ ਕਰਨ ਦੇ ਇਸਦੇ ਹਿੱਸੇ ਦੀ ਲਾਗਤ $380 ਮਿਲੀਅਨ ਹੋਵੇਗੀ, ਜੋ ਕਿ 2022 ਦੇ ਅਨੁਮਾਨਾਂ ਦੇ ਮੁਕਾਬਲੇ $80 ਮਿਲੀਅਨ ਦਾ ਵਾਧਾ ਹੈ।

ਚਾਓ ਨੇ ਹਾਲ ਹੀ ਵਿੱਚ ਇਸ ਇਵੈਂਟ ਦੀ ਵਧਦੀ ਲਾਗਤ ਦੀ ਤਿਆਰੀ ਵਿੱਚ ਮਦਦ ਲਈ ਨਵੇਂ ਨਿਗਰਾਨ ਅਤੇ ਸਲਾਹਕਾਰ ਸਮੂਹਾਂ ਦਾ ਐਲਾਨ ਕੀਤਾ ਸੀ।

ਚਾਓ ਦੇ ਅਨੁਸਾਰ, ਕੁੱਲ ਖ਼ਰਚੇ ਦਾ ਲਗਭਗ ਇੱਕ ਤਿਹਾਈ ਹਿੱਸਾ ਪੁਲਿਸਿੰਗ ਅਤੇ ਸੁਰੱਖਿਆ ਵੱਲ ਜਾਵੇਗਾ, ਜਦ ਕਿ ਪੂੰਜੀ ਲਾਗਤਾਂ ਦਾ ਇੱਕ ਵੱਡਾ ਹਿੱਸਾ BMO ਫ਼ੀਲਡ ਵਿੱਚ ਅਸਥਾਈ ਸੀਟਾਂ ਦਾ ਪ੍ਰਬੰਧ ਕਰਨ ਅਤੇ ਇੱਕ ਆਊਟਡੋਰ ਫ਼ੈਨ ਸੈਂਟਰ ਦੇ ਨਿਰਮਾਣ ਕਰਨ ‘ਤੇ ਹੋਵੇਗਾ ਜਿੱਥੇ ਦਰਸ਼ਕ ਟੈਲੀਵਿਜ਼ਨਾਂ 'ਤੇ ਮੈਚ ਦੇਖ ਸਕਦੇ ਹਨ।

ਸੂਬਾ ਸਰਕਾਰ ਨੇ ਫਰਵਰੀ ਵਿੱਚ ਪਹਿਲਾਂ ਹੀ $97 ਮਿਲੀਅਨ ਫੰਡ ਦੇਣ ਦਾ ਵਾਅਦਾ ਕੀਤਾ ਹੈ। ਮੇਅਰ ਚਾਓ ਨੇ ਕਿਹਾ ਕਿ ਸਿਟੀ $170 ਮਿਲੀਅਨ ਦਾ ਯੋਗਦਾਨ ਪਾਵੇਗਾ।

ਸਿਟੀ ਔਫ਼ ਟੋਰੌਂਟੋ ਨੂੰ ਉਮੀਦ ਹੈ ਕਿ ਵਿਸ਼ਵ ਕੱਪ 3,500 ਤੋਂ ਵੱਧ ਨੌਕਰੀਆਂ ਪੈਦਾ ਕਰੇਗਾ, ਸ਼ਹਿਰ ਦੇ ਬਾਹਰ ਤੋਂ 300,000 ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ ਅਤੇ ਟੋਰੌਂਟੋ ਲਈ ਜੀਡੀਪੀ ਵਿੱਚ ਲਗਭਗ $393 ਮਿਲੀਅਨ ਅਤੇ ਓਨਟੇਰਿਓ ਦੀ ਜੀਡੀਪੀ ਵਿੱਚ $456 ਮਿਲੀਅਨ ਪੈਦਾ ਕਰੇਗਾ।

2026 ਵਿਚ ਹੋਣ ਵਾਲੇ ਫ਼ੀਫ਼ਾ ਵਰਲਡ ਕੱਪ ਦੀ ਮੇਜ਼ਬਾਨੀ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਵਿਚ ਕੀਤੀ ਜਾ ਰਹੀ ਹੈ। ਕੈਨੇਡਾ ਵਿਚ ਮੇਜ਼ਬਾਨੀ ਲਈ ਟੋਰੌਂਟੋ ਅਤੇ ਵੈਨਕੂਵਰ ਨੂੰ ਚੁਣਿਆ ਗਿਆ ਹੈ।

ਅਧਿਕਾਰੀਆਂ ਨੇ ਮੰਗਲਵਾਰ ਨੂੰ ਐਲਾਨਿਆ ਸੀ ਕਿ ਬੀਸੀ ਪਲੇਸ ਸਟੇਡੀਅਮ ਵਿੱਚ ਸੱਤ ਵਿਸ਼ਵ ਕੱਪ ਮੈਚਾਂ ਦੀ ਮੇਜ਼ਬਾਨੀ ਲਈ $581 ਮਿਲੀਅਨ ਤੱਕ ਦਾ ਖ਼ਰਚਾ ਆ ਸਕਦਾ ਹੈ, ਜੋ ਕਿ ਦੋ ਸਾਲ ਪਹਿਲਾਂ ਦੇ ਅਨੁਮਾਨ ਨਾਲੋਂ ਦੁੱਗਣਾ ਹੈ।

ਫ਼ੈਡਰਲ ਸਰਕਾਰ ਨੇ ਇਹਨਾਂ ਗੇਮਜ਼ ਦੀ ਮੇਜ਼ਬਾਨੀ ਵਿਚ ਵੈਨਕੂਵਰ ਦੀ ਮਦਦ ਲਈ $116 ਮਿਲੀਅਨ ਫੰਡ ਮੁਹੱਈਆ ਕਰਵਾਉਣ ਦਾ ਤਹੱਈਆ ਪ੍ਰਗਟਾਇਆ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ